ਪਰਾਲੀ ਅਤੇ ਪਲਾਸਟਿਕ ਦੇ ਧੂੰਏਂ ਨਾਲ ਗਰਭਵਤੀ ਔਰਤਾਂ ਦੀ ਸਿਹਤ 'ਤੇ ਪੈਂਦਾ ਸਭ ਤੋਂ ਮਾੜਾ ਪ੍ਰਭਾਵ

Last Updated: Dec 24 2019 17:12
Reading time: 1 min, 45 secs

ਪਰਾਲੀ ਸੁਰੱਖਿਆ ਅਭਿਆਨ 2019 ਤਹਿਤ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਬਾਰੇ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ "ਪਰਾਲੀ ਬਚਾਓ ਫ਼ਸਲ ਵਧਾਓ" ਪ੍ਰੋਗਰਾਮ ਪ੍ਰੋਗਰੈਸਿਵ ਯੂਥ ਫੋਰਮ ਘੱਗਾ ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਵਿਕਾਸ ਮੈਨੇਜਰ ਸ਼੍ਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਹਵਾ, ਪਾਣੀ ਅਤੇ ਮਿੱਟੀ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਦਰਤ ਵੱਲੋਂ ਬਖ਼ਸ਼ੀਆਂ ਇਹ ਤਿੰਨੋਂ ਦਾਤਾਂ ਜੇਕਰ ਪ੍ਰਦੂਸ਼ਿਤ ਹੋ ਗਈਆਂ ਤਾਂ ਮਨੁੱਖੀ ਹੋਂਦ ਖ਼ਤਰੇ ਵਿੱਚ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ, ਪਲਾਸਟਿਕ ਅਤੇ ਸਾਧਨਾਂ ਦੀ ਜ਼ਿਆਦਾ ਵਰਤੋਂ ਨਾਲ ਹੁੰਦੇ ਹਵਾ ਦੇ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ ਬਾਰੇ ਸਭ ਦਾ ਜਾਗਰੂਕ ਹੋਣਾ ਲਾਜ਼ਮੀ ਹੈ।

ਡਾਇਰੈਕਟਰ ਪ੍ਰੋਗਰੈਸਿਵ ਯੂਥ ਫੋਰਮ ਸ੍ਰੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਪਰਾਲੀ ਅਤੇ ਪਲਾਸਟਿਕ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨਾਲ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ 'ਤੇ ਸਭ ਤੋਂ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਤੋਂ ਬਚਣ ਲਈ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵੱਖ-ਵੱਖ ਆਧੁਨਿਕ ਸੰਦਾਂ ਰਾਹੀਂ ਸੰਭਾਲ ਕਰਨੀ ਚਾਹੀਦੀ ਹੈ ਅਤੇ ਖੇਤਾਂ ਵਿੱਚ ਤਵੀਆਂ, ਰੋਟਾਵੇਟਰ, ਚੌਪਰ ਅਤੇ ਮਲਚਰ ਨਾਲ ਜ਼ਮੀਨ ਵਿੱਚ ਹੀ ਦਬਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਦੇ ਤੌਰ 'ਤੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

ਇਸ ਮੌਕੇ ਲੀਡ ਬੈਂਕ ਮੈਨੇਜਰ ਸ੍ਰੀ ਰਮੇਸ਼ ਕੁਮਾਰ, ਸ੍ਰੀ ਜਸਪਾਲ ਸਿੰਘ ਐੱਫ.ਐੱਲ.ਸੀ ਪੰਜਾਬ ਨੈਸ਼ਨਲ ਬੈਂਕ, ਸ੍ਰੀ ਜਗਮੀਤ ਸਿੰਘ ਮਾਸਟਰ ਟਰੇਨਰ ਪ੍ਰੋਗ੍ਰੈਸਿਵ ਯੂਥ ਫੋਰਮ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਅਤੇ ਸਾਂਭ ਸੰਭਾਲ ਬਾਰੇ ਪ੍ਰੇਰਿਆ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੰਤਵ ਕਿਸਾਨਾਂ ਦੁਆਰਾ ਆਉਣ ਵਾਲੇ ਸੀਜ਼ਨ ਵਿੱਚ ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਨਾ ਲਾ ਕੇ ਉਸ ਦੀ ਸੁਚੱਜੀ ਵਰਤੋਂ ਕਰਕੇ ਆਪਣਾ ਬਣਦਾ ਸਹਿਯੋਗ ਦੇਣਾ ਹੈ। ਇਸ ਮੌਕੇ ਕਿਸਾਨਾਂ ਨੂੰ ਨਾਬਾਰਡ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਤਹਿਤ ਕਿਸਾਨ ਵੀਰ ਕਿਸਾਨ ਉਤਪਾਦਕ ਸੰਗਠਨ ਬਣਾ ਕੇ ਖੇਤੀ 'ਤੇ ਹੋ ਰਹੇ ਬੇਲੋੜੇ ਖ਼ਰਚਿਆਂ ਨੂੰ ਘਟਾ ਸਕਦੇ ਹਨ। ਪ੍ਰੋਗਰਾਮ ਦੌਰਾਨ ਖੇਤੀਬਾੜੀ ਵਿਭਾਗ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀ, ਇੰਸਪੈਕਟਰ ਕੋਆਪਰੇਟਿਵ ਸੁਸਾਇਟੀਜ਼, ਵੱਖ-ਵੱਖ ਸੁਸਾਇਟੀਆਂ ਦੇ ਸਕੱਤਰ, ਕਿਸਾਨ ਕਲੱਬਾਂ ਦੇ ਮੈਂਬਰ, ਵੱਖ-ਵੱਖ ਪਿੰਡਾਂ ਤੋਂ ਆਏ ਅਗਾਂਹਵਧੂ ਕਿਸਾਨ ਅਤੇ ਪ੍ਰੋਗਰੈਸਿਵ ਯੂਥ ਫੋਰਮ ਦੇ ਪਿੰਡ ਪੱਧਰੀ ਵਰਕਰਾਂ ਨੇ ਭਾਗ ਲਿਆ।